ਮੈਂ ਇੱਕ ਮਕਸਦ ਲਈ ਆਪਣੇ ਪ੍ਰਾਣ ਨਿਓਛਾਵਰ ਕਰ ਰਿਹਾ ਹਾਂ। ਇਸ ਤੋਂ ਵੱਧ ਸੰਤੋਖ ਦੀ ਗੱਲ ਹੋਰ ਕੀ ਹੋ ਸਕਦੀ ਹੈ? ਭਗਵਾਨ ਨੂੰ ਮੰਨਣ ਵਾਲੇ ਕਿਸੇ ਹਿੰਦੂ ਨੂੰ ਇੱਕ ਰਾਜੇ ਵਜੋਂ ਦੁਬਾਰਾ ਜਨਮ ਲੈਣ ਦੀ ਇੱਛਾ ਹੋ ਸਕਦੀ ਹੈ; ਇੱਕ ਮੁਸਲਮਾਨ ਜਾਂ ਇਸਾਈ ਆਪਣੇ ਦੁੱਖਾਂ ਅਤੇ ਤਿਆਗ ਦੇ ਬਦਲੇ ਜੰਨਤ ਵਿੱਚ ਇਨਾਮ ਵਜੋਂ ਐਸ਼ੋ-ਆਰਾਮ ਦੇ ਸੁਪਨੇ ਦੇਖ ਸਕਦਾ ਹੈ। ਮੇਰੇ ਅਰਮਾਨ ਕਿਵੇਂ ਹੋਣੇ ਚਾਹੀਦੇ ਹਨ? ਮੈਂ ਜਾਣਦਾ ਹਾਂ ਕਿ ਜਦੋਂ ਮੇਰੇ ਪੈਰਾਂ ਹੇਠਾਂ ਦਾ ਤਖ਼ਤਾ ਖਿੱਚਿਆ ਜਾਵੇਗਾ ਅਤੇ ਮੇਰੇ ਗਲੇ ਵਿੱਚ ਫਾਂਸੀ ਦਾ ਫੰਦਾ ਕੱਸਿਆ ਜਾਵੇਗਾ, ਤਾਂ ਮੇਰੀ ਮੌਤ ਹੋ ਜਾਵੇਗੀ। ਧਾਰਮਿਕ ਸ਼ਬਦਾਂ ਵਿੱਚ ਕਹਾਂ ਤਾਂ ਮੇਰੇ ਲਈ ਉਹ ਪੂਰਨ ਵਿਨਾਸ਼ ਦੀ ਘੜੀ ਹੋਵੇਗੀ। ਮੇਰੀ ਆਤਮਾ ਬਾਕੀ ਨਹੀਂ ਰਹੇਗੀ। ਜੇ ਮੈਂ ਇਸਨੂੰ ‘ਇਨਾਮ’ ਦੀ ਨਜ਼ਰ ਨਾਲ ਵੇਖਾਂ, ਤਾਂ ਮੈਨੂੰ ਲੱਗਦਾ ਹੈ ਕਿ ਸੰਘਰਸ਼ ਦੇ ਇੰਨੇ ਛੋਟੇ ਜੀਵਨ ਵਿੱਚ ਇਸ ਤਰ੍ਹਾਂ ਦੀ ਸ਼ਾਨਦਾਰ ਮੌਤ ਤੋਂ ਵੱਡਾ ‘ਇਨਾਮ’ ਮੇਰੇ ਲਈ ਹੋਰ ਕੁਝ ਨਹੀਂ ਹੋ ਸਕਦਾ। ਬੱਸ, ਇਹੀ ਸਭ ਕੁਝ ਹੈ। ਇੱਥੇ-ਉੱਥੇ ਇਨਾਮ ਮਿਲਣ ਦੀ ਨਾ ਕੋਈ ਲਾਲਸਾ ਹੈ, ਨਾ ਹੀ ਇੱਛਾ। ਪੂਰਨ ਵਿਰਕਤੀ ਨਾਲ ਮੈਂ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ, ਕਿਉਂਕਿ ਮੈਂ ਇਸ ਤੋਂ ਇਲਾਵਾ ਹੋਰ ਕੁਝ ਕਰ ਹੀ ਨਹੀਂ ਸਕਦਾ ਸੀ। — ਭਗਤ ਸਿੰਘ, ‘ਮੈਂ ਨਾਸਤਿਕ ਕਿਉਂ ਹਾਂ’
ਇੱਕ ਮਕਸਦ, ਇੱਕ ਜੀਵਨ

