ਫਰਾਂਸ ਤੋਂ ਪਹਿਲਾ ਪੰਜਾਬੀ ਮੈਗਜ਼ੀਨ

France

Punjab

World

Opinion

Entertainment

ਫਰਾਂਸੀਸੀ ਨਗਰ ਨਿਗਮ ਚੋਣਾਂ

by S SINGH | 13 Mar 2026 | France

ਆਰਟੀਕਲ ਨੂੰ ਸੁਨਣ ਲਈ Play ਤੇ ਕਲਿਕ ਕਰੋ। 

ਫਰਾਂਸ 15 ਅਤੇ 22 ਮਾਰਚ ਨੂੰ 34,875 ਮੇਅਰਾਂ ਦੀ ਚੋਣ ਲਈ ਵੋਟਾਂ ਪਾਉਣ ਜਾ ਰਿਹਾ ਹੈ, ਜਿਸ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਪ੍ਰੀਖਿਆ ਵਜੋਂ ਵੀ ਦੇਖਿਆ ਜਾ ਰਿਹਾ ਹੈ। ਦੋ-ਪੜਾਵਾਂ ਵਿਚ ਹੋਣ ਵਾਲੀ ਇਹ ਵੋਟਿੰਗ ਇਕ ਪਾਸੇ ਸੱਜੇ ਪੱਖੀ ਰਾਸ਼ਟਰੀ ਰੈਲੀ (RN) ਦੀ ਤਾਕਤ ਨੂੰ ਮਾਪੇਗੀ ਅਤੇ ਦੂਜੇ ਪਾਸੇ  ਕਿਸ ਤਰ੍ਹਾਂ ਦੇ ਗੱਠਜੋੜ ਉਭਰ ਸਕਦੇ ਹਨ, ਇਸਤੇ ਵੀ ਚਾਨਣਾ ਪਾਵੇਗੀ।

ਫਰਾਂਸੀਸੀ ਨਗਰ ਨਿਗਮ ਚੋਣਾਂ ਕਿਉਂ ਮਾਇਨੇ ਰੱਖਦੀਆਂ ਹਨ ?

ਇਹ ਚੋਂਣਾ ਲਗਭਗ 35,000 ਕਮਿਊਨਾਂ ਵਿਚ ਹੋਣਗੀਆਂ। ਜਿਨ੍ਹਾਂ ਵਿਚ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡ ਜਿਨ੍ਹਾਂ ਦੀ ਅਬਾਦੀ ਕੁਝ ਹੀ ਦਰਜਨ ਨਿਵਾਸੀ ਹਨ ਸਬ ਆਉਂਦੇ ਹਨ।  – ਮੇਅਰ ਫਰਾਂਸ ਦੇ ਸਭ ਤੋਂ ਭਰੋਸੇਮੰਦ ਚੁਣੇ ਹੋਏ ਅਧਿਕਾਰੀ ਹਨ, ਜਿਨ੍ਹਾਂ ਨੂੰ ਵੋਟਰ ਆਪਣੀਆਂ ਰੋਜ਼ਾਨਾ ਚਿੰਤਾਵਾਂ ਵਿਚ  ਸਭ ਤੋਂ ਨੇੜੇ ਦੀਆਂ  ਰਾਜਨੀਤਿਕ ਹਸਤੀਆਂ ਵਜੋਂ ਦੇਖਦੇ ਹਨ।

ਸਥਾਨਕ ਨਤੀਜੇ ਦੇਸ਼ ਦੀ ਰਾਸ਼ਟਰੀ ਰਾਜਨੀਤੀ ਤੇ ਵੀ ਅਸਰ ਦਿਖਾਉਣਗੇ ਅਤੇ ਦੱਸਣਗੇ ਕਿ ਕਿਹੜੇ ਵਿਸ਼ੇ ਵੋਟਰਾਂ ਨਾਲ ਜ਼ਿਆਦਾ ਜੁੜੇ ਹਨ। ਹਾਲੀਆ ਪੋਲ ਦਿਖਾਉਂਦੇ ਹਨ ਕਿ ਸੁਰੱਖਿਆ, ਸਥਾਨਕ ਟੈਕਸ ਅਤੇ ਸਿਹਤ ਸੰਭਾਲ ਤੱਕ ਪਹੁੰਚ ਵੋਟਰਾਂ ਦੀਆਂ ਮੁੱਖ ਚਿੰਤਾਵਾਂ ਹਨ।

ਆਰ ਐਨ ਲਈ ਕੀ ਦਾਅ ‘ਤੇ ਹੈ ?

ਪ੍ਰਵਾਸ ਵਿਰੋਧੀ, ਯੂਰੋਸੈਪਟਿਕ ਆਰ ਐਨ ਪਾਰਟੀ, ਜੋ ਹੁਣ ਤੱਕ ਸਥਾਨਕ ਪੱਧਰ ‘ਤੇ ਅਰਥਪੂਰਨ ਲਾਭ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ, ਮਾਰਚ ਦੀਆਂ ਵੋਟਾਂ ਨੂੰ 2027 ਦੀਆਂ ਰਾਸ਼ਟਰਪਤੀ ਚੋਣਾਂ ਲਈ ਗਤੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖ ਰਹੀ ਹੈ।

ਵਰਤਮਾਨ ਸਮੇਂ  ਵਿੱਚ, ਸਿਰਫ 13 ਮੇਅਰ ਹੀ ਆਰ ਐਨ ਨਾਲ ਸਬੰਧਤ ਹਨ, ਜਾਂ ਉਹਨਾਂ ਦਾ ਸਮਰਥਨ ਪ੍ਰਾਪਤ ਹੈ। ਪਰਪੀਗਨਾਨ 100,000 ਤੋਂ ਵੱਧ ਵਸਨੀਕਾਂ ਵਾਲਾ ਇਕਲੌਤਾ ਸ਼ਹਿਰ ਹੈ ਜੋ ਕਿ ਸੱਜੇ-ਪੱਖੀ ਪਾਰਟੀ ਦੁਆਰਾ ਚਲਾਇਆ ਜਾ ਰਿਹਾ ਹੈ। ਮੌਜੂਦਾ ਆਰ ਐਨ ਮੇਅਰ ਲੂਈਸ ਅਲੀਅਟ ਨੇ ਸੁਰੱਖਿਆ ਨੂੰ ਆਪਣੇ ਪ੍ਰਸ਼ਾਸਨ ਦਾ ਕੇਂਦਰ ਬਣਾਇਆ ਹੈ ਅਤੇ ਜਿਸਦਾ ਧਿਆਨ ਮੂਲ ਰੂਪ ਚ ਵਧੇਰੇ ਪੁਲਿਸ, ਵਧੇਰੇ ਕੈਮਰੇ ਅਤੇ ਵਧੇਰੇ ਵਿਵਸਥਾ ਤੇ ਕੇਂਦਰਿਤ ਹੈ।

2027 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਸਵਾਲ ਇਹ ਹੈ ਕਿ ਆਰਐਨ ਦੋ ਪੜ੍ਹਾਵਾਂ ਵਿਚਕਾਰ ਦੂਜੀਆਂ ਪਾਰਟੀਆਂ ਨਾਲ ਕਿਹੜੇ ਗੱਠਜੋੜ ਕਰੇਗਾ। ਫਰੰਟ ਰੀਪਬਲਿਕਨ ਵਜੋਂ ਜਾਣੀ ਜਾਂਦੀ ਫ੍ਰੈਂਚ ਪਰੰਪਰਾ – ਜਿਸ ਵਿੱਚ ਪਾਰਟੀਆਂ ਦੂਜੇ ਦੌਰ ਵਿੱਚ ਇਕੱਠੇ ਹੋ ਕੇ ਸੱਜੇ-ਪੱਖੀਆਂ ਨੂੰ ਰੋਕਦੀਆਂ ਹਨ – ਸ਼ਾਇਦ ਕਾਇਮ ਨਾ ਰਹੇ, ਇੱਕ ਤਾਜ਼ਾ ਸਰਵੇਖਣ ਦੇ ਅਨੁਸਾਰ 63 ਪ੍ਰਤੀਸ਼ਤ ਵੋਟਰ ਆਰਐਨ ਨਾਲੋਂ ਕੱਟੜ-ਖੱਬੀ ਗਠਜੋੜ “ਫ੍ਰਾਂਸ ਅਨਬੋਵਡ” LFI (ਐਲਐਫਆਈ) ਦੇ ਖ਼ਿਲਾਫ਼ ਹਨ ।

ਆਰਐਨ ਲਈ ਇਹ ਚੋਣ ਕਿੰਨੀ ਮਹੱਤਵਪੂਰਨ ਹੈ, ਇਹ ਇਸਤੋਂ ਵੀ ਨਜ਼ਰ ਆਉਂਦਾ ਹੈ ਕੇ  ਇਸਦੇ 119 ਸੰਸਦ ਮੈਂਬਰਾਂ ਵਿੱਚੋਂ 33 ਮੈਂਬਰ ਨਗਰਪਾਲਿਕਾ ਚੋਣਾਂ ਵਿੱਚ ਉਮੀਦਵਾਰ ਹਨ।

ਕਿਉਂਕਿ ਨਗਰਪਾਲਿਕਾ ਕੌਂਸਲਰ ਅਸਿੱਧੇ ਤੌਰ ‘ਤੇ ਸੈਨੇਟਰਾਂ ਦੀ ਚੋਣ ਕਰਦੇ ਹਨ, ਇਹ ਚੋਣਾਂ ਆਰਐਨ ਲਈ ਉੱਚ ਸਦਨ ਵਿੱਚ ਵਧੇਰੇ ਪ੍ਰਤੀਨਿਧਤਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਵੀ ਹੈ, ਜਿੱਥੇ ਇਸ ਕੋਲ ਸਿਰਫ਼ ਤਿੰਨ ਸੀਟਾਂ ਹਨ।

  • ਪੈਰਿਸ ਇੱਕ ਮੁੱਖ ਜੰਗ ਦਾ ਮੈਦਾਨ ਹੈ, ਜਿਸ ਵਿੱਚ ਕੁਲ ਛੇ ਉਮੀਦਵਾਰ ਮੈਦਾਨ ਵਿਚ ਹਨ। ਪੈਰਿਸ ਵਿਚ 2001 ਤੋਂ ਹੀ ਸਮਾਜਵਾਦੀ ਮੇਅਰ ਰਿਹਾ ਹੈ, ਪਰ ਇਸ ਬਾਰ ਸਾਬਕਾ ਸੱਭਿਆਚਾਰ ਮੰਤਰੀ ਰਸ਼ੀਦਾ ਦਾਤੀ, ਜੋ ਕਿ ਰਿਪਬਲਿਕਨ (ਐਲਆਰ) ਪਾਰਟੀ ਦੇ ਉਮੀਦਵਾਰ ਹਨ ਆਪਣੀ ਪਾਰਟੀ ਲਈ ਸ਼ਹਿਰ ਦੇ ਮੇਅਰ ਬਣਨ ਦੀ ਇੱਛਾ ਰੱਖਦੇ ਹਨ।
  • ਮਰਸੇਈ ਇੱਕ ਲੰਬੇ ਸਮੇਂ ਤੋਂ ਰੂੜੀਵਾਦੀ ਸ਼ਹਿਰ ਹੈ ਜਿਸਨੂੰ ਖੱਬੇ ਪੱਖੀ ਪਾਰਟੀਆਂ ਨੇ 2020 ਵਿੱਚ ਜਿੱਤਿਆ ਸੀ, ਅਤੇ ਜਿਸ ਲਈ ਸਾਰੀਆਂ ਮੁੱਖ ਪਾਰਟੀਆਂ, RN ਸਮੇਤ, ਜਿੱਤਣ ਲਈ ਲੜ ਰਹੀਆਂ ਹਨ।
  • RN ਤੂਲੋਂ ਸ਼ਹਿਰ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ, ਜੋ ਕਿ ਦੱਖਣੀ ਫਰਾਂਸ ਵਿੱਚ 180,000 ਦੀ ਆਬਾਦੀ ਵਾਲਾ ਸ਼ਹਿਰ ਹੈ ਅਤੇ ਜੋ ਯੂਰਪ ਦੇ ਸਭ ਤੋਂ ਵੱਡੇ ਜਲ ਸੈਨਾ ਅੱਡੇ ਦਾ ਘਰ ਵੀ ਹੈ। RN ਨੇ 1995 ਤੋਂ 2001 ਤੱਕ ਸ਼ਹਿਰ ‘ਤੇ ਸ਼ਾਸਨ ਕੀਤਾ ਜਦੋਂ ਪਾਰਟੀ ਨੂੰ ਨੈਸ਼ਨਲ ਫਰੰਟ ਵਜੋਂ ਜਾਣਿਆ ਜਾਂਦਾ ਸੀ।
  • ਗ੍ਰੀਨਜ਼ ਅਤੇ ਉਨ੍ਹਾਂ ਦੇ ਖੱਬੇ-ਪੱਖੀ ਸਹਿਯੋਗੀ ਪਾਰਟੀਆਂ ਨੇ 2020 ਵਿੱਚ ਪਿਛਲੀਆਂ ਨਗਰਪਾਲਿਕਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਲਿਓਨ, ਸਟ੍ਰਾਸਬਰਗ ਅਤੇ ਬੋਰਦੋ ਸਮੇਤ ਕੁਝ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਜਿੱਤ ਹਾਸਿਲ ਕੀਤੀ । ਹਾਲਾਂਕਿ, ਖੱਬੇ-ਪੱਖੀ ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਪੱਧਰ ‘ਤੇ ਕਮਜ਼ੋਰ ਹੋਏ ਹਨ ਅਤੇ ਇੰਨ੍ਹਾਂ ਲਈ ਪਿਛਲੀਆਂ ਜਿਤਾਂ ਨੂੰ ਰਪੀਟ ਕਰਨਾ ਇਕ ਵੱਡਾ ਚੈਲੇਂਜ ਹੋਵੇਗਾ।
  • ਕੱਟੜ-ਖੱਬੇਪੱਖੀ ਗਠਜੋੜ ਫਰਾਂਸ ਅਨਬੋਵਡ, ਜੋ ਕਿ ਆਰਐਨ ਵਾਂਗ ਸਥਾਨਕ ਚੋਣਾਂ ਵਿੱਚ ਕਦੇ ਵੀ ਮਜ਼ਬੂਤ ​​ਨਹੀਂ ਰਿਹਾ, ਵੀ ਲਾਭ ਪ੍ਰਾਪਤ ਕਰਨ ਦੀ ਉਮੀਦ ਕਰ ਰਿਹਾ ਹੈ, ਜਿਸ ਵਿੱਚ ਸੈਨ ਸੰਦਨੀ ਖੇਤਰ ਵੀ ਸ਼ਾਮਲ ਹੈ ਜਿੱਥੇ ਇਸਦੇ ਕਈ ਸੰਸਦ ਮੈਂਬਰ ਹਨ।
  • ਰੂੜੀਵਾਦੀ ਰਿਪਬਲਿਕਨ (ਐਲਆਰ) ਜੋ ਕਿ ਪਿਛਲੀਆਂ ਰਾਸ਼ਟਰੀ ਚੋਣਾਂ ਵਿੱਚ ਭਾਰੀ ਰੂਪ ਵਿੱਚ ਹਾਰ ਗਏ ਸਨ, ਪਰ ਨਗਰ ਨਿਗਮ ਚੋਣਾਂ ਵਿੱਚ ਲੰਬੇ ਸਮੇਂ ਤੋਂ ਇਕ ਮਜ਼ਬੂਤ ​​ਪਾਰਟੀ ਦੇ ਰੂਪ ਵਿਚ ਰਹੇ ਹਨ। ਪਾਰਟੀ ਨੇ ਆਪਣੇ ਸਹਿਯੋਗੀਆਂ (ਡੀਵੀਡੀ, ਯੂਡੀਸੀ) ਦੇ ਨਾਲ ਪਿਛਲੀਆਂ ਨਗਰ ਨਿਗਮਾਂ ਵਿੱਚ ਲਗਭਗ 12,000 ਮੇਅਰਸ਼ਿਪ ਜਿਤੀਆਂ ਸਨ।
  • ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਪਾਰਟੀ ਅਤੇ ਇਸਦੇ ਸਹਿਯੋਗੀਆਂ ਨੇ 2020 ਵਿੱਚ ਕਾਫੀ ਮਾੜਾ ਪ੍ਰਦਰਸ਼ਨ ਕੀਤਾ ਸੀ, 2020 ਦੌਰਾਨ ਇਹ 1,000 ਤੋਂ ਜ਼ਿਆਦਾ ਮੇਅਰ ਦੀਆਂ ਸੀਟਾਂ ਨਹੀਂ ਸਨ ਜਿੱਤ ਸਕੇ ਅਤੇ ਇਨ੍ਹਾਂ ਵਿੱਚ ਵੀ 100,000 ਤੋਂ ਵੱਧ ਵਸਨੀਕਾਂ ਵਾਲਾ ਇਕ ਵੀ ਸ਼ਹਿਰ ਨਹੀਂ ਸੀ । ਇਸ ਲਈ ਸਰਕਾਰ ਵਿਰੋਧੀ ਵੋਟ ਦੀ ਸੰਭਾਵਨਾ ਸੀਮਤ ਹੈ।
  • ਸੇਵਾਮੁਕਤ ਲੋਕਾਂ ਵਿੱਚ ਪ੍ਰਸਿੱਧ ਇੱਕ ਸ਼ਾਂਤ ਰਿਵੇਰਾ ਸ਼ਹਿਰ, ਮੈਂਟਨ, ਧਿਆਨ ਖਿੱਚਣ ਲਈ ਤਿਆਰ ਹੈ। ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦਾ ਪੁੱਤਰ ਲੂਈ ਸਰਕੋਜ਼ੀ ਉੱਥੇ ਚੋਣ ਲੜ ਰਿਹਾ ਹੈ।

ਨਤੀਜਿਆਂ ਦੀ ਭਵਿੱਖਬਾਣੀ ਕਰਨਾ ਔਖਾ

ਲਗਭਗ 35,000 ਵੱਖਰੀਆਂ ਚੋਣਾਂ ਦੇ ਨਾਲ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਥਾਨਕ ਮੁੱਦਿਆਂ ‘ਤੇ ਕੇਂਦ੍ਰਿਤ ਹਨ ਅਤੇ ਪੋਲਸਟਰਾਂ ਦੁਆਰਾ ਜਿਨ੍ਹਾਂ ਦੀ ਭਵਿੱਖਬਾਣੀ ਕਰਨਾ ਅਜੇ ਵੀ ਔਖਾ ਹੈ।

ਹਾਲਾਂਕਿ ਸਰਵੇਖਣ ਦਰਸਾਉਂਦੇ ਹਨ ਕਿ ਸੁਰੱਖਿਆ, ਰਿਹਾਇਸ਼ ਅਤੇ ਸਥਾਨਕ ਟੈਕਸ ਵੋਟਰਾਂ ਲਈ ਮੁੱਖ ਮੁੱਦਿਆਂ ਵਿੱਚੋਂ ਇੱਕ ਹਨ।

ਇੱਕ ਹੋਰ ਕਾਰਨ ਜੋ ਕਿ ਇਹਨਾਂ ਚੋਣਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਬਣਾਉਂਦਾ ਹੈ ਉਹ ਹੈ ਇਹਨਾਂ ਦਾ ਕੰਮ ਦਾ ਤਰੀਕਾ। ਇੱਕ ਸੂਚੀ ਜੋ ਪਹਿਲੇ ਗੇੜ ਵਿੱਚ ਪੂਰਨ ਬਹੁਮਤ ਨਾਲ  ਜਿੱਤਦੀ ਹੈ, ਨਗਰਪਾਲਿਕਾ ਦਾ ਕੰਟਰੋਲ ਆਪਣੇ ਕੋਲ ਰੱਖਦੀ ਹੈ। ਇਸ ਵਿੱਚ ਅਸਫਲ ਰਹਿਣ ‘ਤੇ, 10 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਵਾਲੀਆਂ ਸਾਰੀਆਂ ਸੂਚੀਆਂ ਦੂਜੇ ਗੇੜ ਵਿੱਚ ਜਾਂਦੀਆਂ ਹਨ। ਜਿਨ੍ਹਾਂ ਕੋਲ ਘੱਟੋ-ਘੱਟ 5 ਪ੍ਰਤੀਸ਼ਤ ਹਨ, ਉਹ ਵੱਡੀਆਂ ਸੂਚੀਆਂ ਨਾਲ ਮਿਲ ਸਕਦੀਆਂ ਹਨ। ਇਹ ਪ੍ਰਣਾਲੀ ਅਕਸਰ ਤਿੰਨ- ਜਾਂ ਚਾਰ-ਪੱਖੀ ਰਨਆਫ ਵੱਲ ਲੈ ਜਾਂਦੀ ਹੈ, ਜਿਸ ਨਾਲ ਦੂਜਾ ਦੌਰ ਕਾਫ਼ੀ ਅਨਿਸ਼ਚਿਤ ਹੋ ਜਾਂਦਾ ਹੈ।

ਇਸ ਬਾਰ ਸੱਜੇ-ਪੱਖੀ ਕਾਰਕੁਨ ਕੁਐਂਟਿਨ ਡੇਰੈਂਕ ਦੀ ਹੱਤਿਆ ਦਾ ਵੀ ਪ੍ਰਭਾਵ ਵੀ ਇਨ੍ਹਾਂ ਚੋਣਾਂ ਤੇ ਹੋ ਸਕਦਾ ਹੈ , ਜਿਸਨੂੰ ਫਰਵਰੀ ਵਿੱਚ ਲਿਓਨ ਵਿੱਚ ਕਥਿਤ ਕੱਟੜ-ਖੱਬੇਪੱਖੀ ਕਾਰਕੁਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਨਤੀਜਨ LFI ਦੇ ਦੋ ਸੰਸਦੀ ਸਹਿਯੋਗੀਆਂ ਸਮੇਤ 11 ਲੋਕਾਂ ਨੂੰ ਇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਕਰਕੇ ਪੂਰੇ ਫਰਾਂਸ ਵਿਚ LFI ਦੀ ਤਿੱਖੀ ਆਲੋਚਨਾ ਹੋ ਰਹੀ ਹੈ।

ਨਤੀਜੇ ਕਦੋਂ ਆਉਣਗੇ?

ਵੋਟਿੰਗ 15 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ ਅਤੇ ਸ਼ਹਿਰ ਦੇ ਆਧਾਰ ‘ਤੇ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਬੰਦ ਹੁੰਦੀ ਹੈ। ਜ਼ਿਆਦਾਤਰ ਦਰਮਿਆਨੇ ਤੋਂ ਵੱਡੇ ਸ਼ਹਿਰਾਂ ਵਿੱਚ, 22 ਮਾਰਚ ਨੂੰ ਦੂਜਾ ਦੌਰ ਹੋਵੇਗਾ। ਵੋਟਿੰਗ ਦਾ ਸਮਾਂ ਇੱਕੋ ਜਿਹਾ ਹੁੰਦਾ ਹੈ। ਐਗਜ਼ਿਟ ਪੋਲ ਆਮ ਤੌਰ ‘ਤੇ ਸ਼ਾਮ ਨੂੰ ਐਲਾਨੇ ਜਾਂਦੇ ਹਨ।